Jeremiah 10

1ਹੇ ਇਸਰਾਏਲ ਦੇ ਘਰਾਣੇ, ਇਸ ਬਚਨ ਨੂੰ ਸੁਣੋ ਜਿਹੜਾ ਯਹੋਵਾਹ ਬੋਲਦਾ ਹੈ, 2ਯਹੋਵਾਹ ਇਸ ਤਰ੍ਹਾਂ ਆਖਦਾ ਹੈ,- ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ, ਨਾ ਅਕਾਸ਼ ਦੇ ਨਿਸ਼ਾਨਾਂ ਤੋਂ ਘਾਬਰੋ, ਕਿਉਂ ਜੋ ਕੌਮਾਂ ਉਹਨਾਂ ਤੋਂ ਘਾਬਰਦੀਆਂ ਹਨ ।

3ਉੱਮਤਾਂ ਦੀਆਂ ਬਿਧੀਆਂ ਤਾਂ ਫੋਕੀਆਂ ਹਨ, ਕੋਈ ਜੰਗਲ ਵਿੱਚੋਂ ਰੁੱਖ ਵੱਢਦਾ ਹੈ, ਇਹ ਕੁਹਾੜੇ ਨਾਲ ਤਰਖਾਣ ਦੇ ਹੱਥ ਦਾ ਕੰਮ ਹੈ । 4ਚਾਂਦੀ ਅਤੇ ਸੋਨੇ ਨਾਲ ਉਹ ਨੂੰ ਸਜਾਉਂਦੇ ਹਨ, ਉਹ ਨੂੰ ਹਥੌੜਿਆਂ ਅਤੇ ਕਿੱਲਾਂ ਨਾਲ ਪੱਕਾ ਕਰਦੇ ਹਨ, ਭਈ ਉਹ ਹਿੱਲ ਨਾ ਸਕੇ । 5ਉਹ ਖਜੂਰ ਵਾਂਗੂੰ ਸਖ਼ਤ ਹਨ, ਉਹ ਬੋਲ ਨਹੀਂ ਸਕਦੇ ਉਹ ਚੁੱਕ ਕੇ ਲੈ ਜਾਣੇ ਪੈਂਦੇ ਹਨ, ਕਿਉਂ ਜੋ ਉਹ ਤੁਰ ਨਹੀਂ ਸਕਦੇ ! ਉਹਨਾਂ ਤੋਂ ਨਾ ਡਰੋ, ਕਿਉਂ ਜੋ ਉਹ ਬੁਰਿਆਈ ਨਹੀਂ ਕਰ ਸਕਦੇ, ਨਾ ਹੀ ਉਹ ਭਲਿਆਈ ਕਰ ਸਕਦੇ ਹਨ ।

6ਹੇ ਯਹੋਵਾਹ, ਤੇਰੇ ਜਿਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ । 7ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ ? ਕਿਉਂ ਜੋ ਇਹ ਤੈਨੂੰ ਜੋਗ ਹੈ । ਕੌਮਾਂ ਦੇ ਸਾਰੇ ਬੁੱਧਵਾਨਾਂ ਵਿੱਚ, ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ, ਤੇਰੇ ਜਿਹਾ ਕੋਈ ਨਹੀਂ ।

8ਉਹ ਸਾਰੇ ਬੇਦਰਦ ਅਤੇ ਮੂਰਖ ਹਨ, ਉਹ ਫੋਕੀਆਂ ਗੱਲਾਂ ਦੀ ਸਿੱਖਿਆ ਲਈ ਲੱਕੜੀ ਹੀ ਹੈ । 9ਤਰਸ਼ੀਸ਼ ਤੋਂ ਕੁੱਟੀ ਹੋਈ ਚਾਂਦੀ, ਅਤੇ ਊਫਾਜ਼ ਤੋਂ ਸੋਨਾ ਲਿਆਇਆ ਜਾਂਦਾ ਹੈ, ਉਹ ਮਿਸਤਰੀ ਦਾ ਸਰਾਫ਼ ਦੇ ਹੱਥਾਂ ਦਾ ਕੰਮ ਹੈ, ਉਹਨਾਂ ਦੀ ਪੁਸ਼ਾਕ ਨੀਲੀ ਅਤੇ ਬੈਂਗਣੀ ਹੈ, ਉਹ ਸਾਰੇ ਬੁੱਧਵਾਨਾਂ ਦਾ ਕੰਮ ਹੈ ! 10ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪਕਾਲ ਦਾ ਰਾਜਾ ਹੈ, ਉਹ ਦੇ ਲਾਲ ਪੀਲਾ ਹੋਣ ਨਾਲ ਧਰਤੀ ਕੰਬਦੀ ਹੈ, ਕੌਮਾਂ ਉਹ ਦਾ ਗਜ਼ਬ ਨਹੀਂ ਝੱਲ ਸੱਕਦੀਆਂ ।

11ਤੁਸੀਂ ਉਹਨਾਂ ਨੂੰ ਇਸ ਤਰਾਂ ਦੱਸੋ, ਉਹ ਦੇਵਤੇ ਜਿਹਨਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਉਹ ਧਰਤੀ ਤੋਂ ਅਤੇ ਅਕਾਸ਼ ਦੇ ਹੇਠੋਂ ਮਿਟ ਜਾਣਗੇ ।

12ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਹੈ, ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ । 13ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣੇ ਖ਼ਜਾਨਿਆਂ ਵਿੱਚੋਂ ਹਵਾ ਬਾਹਰ ਕੱਢਦਾ ਹੈ ।

14ਹਰੇਕ ਆਦਮੀ ਬੇਦਰਦ ਹੋ ਗਿਆ ਹੈ ਅਤੇ ਗਿਆਨਵਾਨ ਨਹੀਂ, ਹਰੇਕ ਸਰਾਫ਼ ਆਪਣੀ ਘੜਤ ਤੋਂ ਲੱਜਿਆਵਾਨ ਹੈ, ਕਿਉਂ ਜੋ ਉਹ ਦੀ ਢਲੀ ਹੋਈ ਮੂਰਤ ਝੂਠੀ ਹੈ, ਅਤੇ ਉਸ ਵਿੱਚ ਸਾਹ ਨਹੀਂ । 15ਉਹ ਵਿਅਰਥ ਹਨ, ਉਹ ਧੋਖੇ ਦਾ ਕੰਮ ਹਨ, ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ । 16ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਇਹਨਾਂ ਜਿਹਾ ਨਹੀਂ, ਕਿਉਂ ਜੋ ਉਹ ਸਾਰੀਆਂ ਚੀਜਾਂ ਦਾ ਸਿਰਜਣਹਾਰ ਹੈ, ਇਸਰਾਏਲ ਦਾ ਗੋਤ ਉਹ ਦੀ ਮਿਰਾਸ ਹੈ, ਸੈਨਾ ਦਾ ਯਹੋਵਾਹ ਉਸ ਦਾ ਨਾਮ ਹੈ ।

17ਧਰਤੀ ਤੋਂ ਆਪਣੀ ਗਠੜੀ ਇਕੱਠੀ ਕਰ ਲੈ, ਤੂੰ ਜਿਹੜੀ ਘੇਰੇ ਵਿੱਚ ਰਹਿੰਦੀ ਹੈਂ । 18ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖੋ, ਮੈਂ ਇਸ ਵੇਲੇ ਦੇਸ ਦੇ ਵਾਸੀਆਂ ਨੂੰ ਗੋਪੀਏ ਨਾਲ ਸੁੱਟਣ ਵਾਲਾ ਹਾਂ, ਮੈਂ ਉਹਨਾਂ ਨੂੰ ਦੁੱਖ ਦਿਆਂਗਾ, ਭਈ ਉਹ ਸਮਝਣ ।

19ਮੇਰੇ ਘਾਉ ਦੇ ਕਾਰਨ ਮੇਰੇ ਉੱਤੇ ਅਫਸੋਸ ! ਮੇਰਾ ਫੱਟ ਬਹੁਤ ਸਖ਼ਤ ਹੈ, ਪਰ ਮੈਂ ਆਖਿਆ ਸੀ ਕਿ ਇਹ ਮੇਰਾ ਦੁੱਖ ਹੈ, ਮੈਂ ਇਸ ਨੂੰ ਝੱਲਾਂਗਾ । 20ਮੇਰਾ ਤੰਬੂ ਲੁੱਟਿਆ ਗਿਆ, ਮੇਰੀਆਂ ਸਭ ਲਾਸਾਂ ਤੋੜ ਦਿੱਤੀਆਂ ਗਈਆਂ, ਮੇਰੇ ਪੁੱਤਰ ਮੇਰੇ ਕੋਲੋਂ ਤੁਰ ਗਏ, ਅਤੇ ਉਹ ਨਹੀਂ ਹਨ, ਕੋਈ ਨਹੀਂ ਜਿਹੜਾ ਮੇਰਾ ਤੰਬੂ ਫੇਰ ਤਾਣੇ, ਅਤੇ ਮੇਰੀਆਂ ਕਨਾਤਾਂ ਲਾਵੇ ।

21ਆਜੜੀ ਤਾਂ ਬੇਦਰਦ ਹਨ, ਉਹਨਾਂ ਯਹੋਵਾਹ ਦੀ ਭਾਲ ਨਹੀਂ ਕੀਤੀ, ਇਸ ਲਈ ਉਹ ਸਫਲ ਨਾ ਹੋਏ, ਉਹਨਾਂ ਦੇ ਸਾਰੇ ਇੱਜੜ ਖੇਰੂੰ ਖੇਰੂੰ ਹੋ ਗਏ । 22ਇੱਕ ਸੁਨੇਹੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਵੇਖੋ, ਉੱਤਰ ਦੇਸ ਵੱਲੋਂ ਇੱਕ ਵੱਡਾ ਰੌਲਾ, ਭਈ ਯਹੂਦਾਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹ ਗਿੱਦੜਾਂ ਦੇ ਘੁਰਨੇ ਬਣਨ ।

23ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀਂ ਦਾ ਰਾਹ ਉਸ ਦੇ ਵੱਸ ਵਿੱਚ ਨਹੀਂ ਹੈ, ਇਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ । 24ਹੇ ਯਹੋਵਾਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਨਾ ਕਿ ਆਪਣੇ ਕ੍ਰੋਧ ਨਾਲ ਮਤੇ ਤੂੰ ਮੈਨੂੰ ਘਟਾਵੇਂ । ਤੂੰ ਆਪਣਾ ਗੁੱਸਾ ਉਹਨਾਂ ਕੌਮਾਂ ਉੱਤੇ ਪਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ, ਉਹਨਾਂ ਘਰਾਣਿਆਂ ਉੱਤੇ ਜਿਹੜੇ ਤੇਰਾ ਨਾਮ ਨਹੀਂ ਲੈਂਦੇ । ਉਹਨਾਂ ਯਾਕੂਬ ਨੂੰ ਖਾ ਲਿਆ ਹੈ, ਉਹ ਨੂੰ ਭੱਖ ਲਿਆ ਅਤੇ ਮੁਕਾ ਦਿੱਤਾ ਹੈ, ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਛੱਡਿਆ ਹੈ ।

25

Copyright information for PanULB